ਨਵੀਂ ਦਿੱਲੀ, 29 ਜੂਨ
ਦੇਸ਼ ਦੇ ਉੱਚ ਕੋਚਾਂ ਨੇ ਅੱਜ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਇੱਕ ਐਡਹਾਕ ਪੈਨਲ ਨੂੰ ਦੱਸਿਆ ਕਿ ਜਿਨਸੀ ਸੋਸ਼ਣ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਛੇ ਪਹਿਲਵਾਨਾਂ ਨੂੰ ਏਸ਼ਿਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਵਾਸਤੇ ਟਰਾਇਲਾਂ ‘ਚ ਛੋਟ ਦਿੱਤੇ ਜਾਣ ਤੋਂ ਹੋਰ ਪਹਿਲਵਾਨਾਂ ਵਿੱਚ ਰੋਸ ਹੈ। ਐਡਹਾਕ ਪੈਨਲ ਦੇ ਮੁਖੀ ਭੁਪੇਂਦਰ ਸਿੰਘ ਬਾਜਵਾ ਨੇ ਮੇਰਠ ਵਿੱਚ ਇੱਕ ਰਸਮੀ ਮੀਟਿੰਗ ‘ਚ ਫ੍ਰੀਸਟਾਈਲ ਕੋਚ ਜਗਮੰਦਰ ਸਿੰਘ, ਨੈਸ਼ਨਲ ਗ੍ਰੀਕੋ-ਰੋਮਨ ਕੋਚ ਹਰਗੋਬਿੰਦ ਸਿੰਘ ਅਤੇ ਔਰਤਾਂ ਦੇ ਕੌਮੀ ਕੋਚ ਵੀਰੇਂਦਰ ਸਿੰਘ ਦਹੀਆ ਦੇ ਵਿਚਾਰ ਸੁਣੇ। ਆਈਓਏ ਦੇ ਇੱਕ ਸੂਤਰ ਨੇ ਦੱਸਿਆ, ”ਤਿੰਨੋਂ ਕੋਚਾਂ ਨੇ ਸ੍ਰੀ ਬਾਜਵਾ ਨੂੰ ਦੱਸਿਆ ਕਿ ਸਥਾਪਤ ਅਤੇ ਉੱਭਰਦੇ ਪਹਿਲਵਾਨਾਂ ‘ਚ ਇਸ ਨੂੰ ਲੈ ਕੇ ਰੋਸ ਹੈ। ਅਖਾੜੇ ਚਲਾਉਣ ਵਾਲੇ ਲੋਕ ਅਤੇ ਪਹਿਲਵਾਨ ਇਸ ਅਢੁੱਕਵੇਂ ਅਤੇ ਪੱਖਪਾਤੀ ਫ਼ੈਸਲੇ ਤੋਂ ਨਾਰਾਜ਼ ਹਨ।” ਸੂਤਰ ਮੁਤਾਬਕ, ”ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਪਰ ਬਾਜਵਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਪੈਨਲ ਇਸ ਮਾਮਲੇ ‘ਤੇ ਗੌਰ ਕਰੇਗਾ।”ਸੂਤਰਾਂ ਨੇ ਕਿਹਾ, ”ਇਸ ‘ਤੇ ਵੀ ਚਰਚਾ ਕੀਤੀ ਗਈ ਕਿ ਪੁਰਸ਼ ਅਤੇ ਔਰਤਾਂ ਲਈ ਕੌਮੀ ਕੈਂਪ ਏਸ਼ਿਆਈ ਖੇਡਾਂ ਲਈ ਟਰਾਇਲਾਂ ਤੋਂ ਬਾਅਦ ਸ਼ੁਰੂ ਹੋਣਗੇ। ਪੁਰਸ਼ ਕੈਂਪ ਬਹਾਲਗੜ੍ਹ ਦੇ ਸਾਈ ਕੇਂਦਰ ਵਿੱਚ ਹੋਵੇਗਾ ਜਦਕਿ ਔਰਤਾਂ ਦਾ ਕੈਂਪ ਪਟਿਆਲਾ ਵਿੱਚ ਹੋ ਸਕਦਾ ਹੈ।” ੲੇਸ਼ਿਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਟਰਾਇਲ ਲਈ ਆਖਰੀ ਤਰੀਕ ਦੀ ਜਾਣਕਾਰੀ ਜਲਦੀ ਹੀ ਦਿੱਤੀ ਜਾਵੇਗੀ। ਸੂਤਰ ਨੇ ਕਿਹਾ, ”ਪੈਨਲ ਨੇ ਹੁਣ ਇਹ ਫ਼ੈਸਲਾ ਕਰਨਾ ਹੈ ਕਿ ਉਕਤ ਪਹਿਲਵਾਨਾਂ ਨੂੰ ਦਿੱਤੀ ਗਈ ਛੋਟ ਵਾਪਸ ਲਈ ਜਾਵੇ ਜਾਂ ਨਹੀਂ।” -ਪੀਟੀਆਈ
ਏਸ਼ੀਆ ਓਲੰਪਿਕ ਕੌਂਸਲ ਦੇ ਜਵਾਬ ‘ਤੇ ਟਿਕਿਆ ਟਰਾਇਲਾਂ ਦਾ ਦਾਰੋਮਦਾਰ
ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਏਸ਼ੀਆ ਓਲੰਪਿਕ ਕੌਂਸਲ (ਓਸੀਏ) ਦੇ ਜਵਾਬ ਦੇ ਉਡੀਕ ਕੀਤੀ ਜਾ ਰਹੀ ਹੈ, ਜਿਸ ਨੂੰ ਐਂਟਰੀਆਂ ਲਈ ਆਖਰੀ ਤਰੀਕ 15 ਜੁਲਾਈ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ ਗਈ ਹੈ। ਜੇਕਰ ਓਸੀਏ ਅਪੀਲ ਮਨਜ਼ੂਰ ਕਰਦੀ ਹੈ ਤਾਂ ਐਡਹਾਕ ਪੈਨਲ ਅਗਸਤ ਮਹੀਨੇ ਇੱਕ ਟਰਾਇਲ ਕਰਵਾ ਸਕਦਾ ਹੈ ਅਤੇ ਇਸ ਨਾਲ ਛੇ ਪਹਿਲਵਾਨਾਂ ਨੂੰ ਛੋਟ ਦੇਣ ਕਰਕੇ ਪੈਦਾ ਹੋਇਆ ਰੇੜਕਾ ਮੁੱਕ ਜਾਵੇਗਾ। ਪਰ ਜੇਕਰ ਓਸੀਏ ਵੱਲੋਂ ਅਪੀਲ ਖਾਰਜ ਕਰ ਦਿੱਤੀ ਜਾਂਦੀ ਹੈ ਤਾਂ ਆਈਓਏ ਕੋਲ ਕੋਈ ਦੂਜਾ ਬਦਲ ਨਹੀਂ ਹੋਵੇਗਾ ਅਤੇ ਉਸ ਨੂੰ ਟਰਾਇਲ 15 ਜੁਲਾਈ ਤੋਂ ਪਹਿਲਾਂ ਕਰਵਾਉਣੇ ਪੈਣਗੇ।