ਨਵੀਂ ਦਿੱਲੀ, 29 ਜੂਨ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) 7 ਜੁਲਾਈ ਨੂੰ ਹੋਣ ਵਾਲੀ ਆਪਣੀ ਉੱਚ ਕੌਂਸਲ ਮੀਟਿੰਗ ‘ਚ ਵਿਦੇਸ਼ੀ ਟੀ-20 ਲੀਗ ‘ਚ ਸੰਨਿਆਸ ਲੈ ਚੁੱਕੇ ਖਿਡਾਰੀਆਂ ਦੀ ਸ਼ਮੂਲੀਅਤ ਸਬੰਧੀ ਮੌਜੂੁਦਾ ਨੀਤੀ ਦੀ ਸਮੀਖਿਆ ਕਰੇਗਾ।
ਬੀਸੀਸੀਆਈ ਆਪਣੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਮੁਤਾਬਕ ਬੋਰਡ ਨਾਲ ਰਜਿਸਟਰਡ ਖਿਡਾਰੀਆਂ ਨੂੰ ਉਦੋਂ ਹੀ ਵਿਦੇਸ਼ੀ ਟੀ-20 ਲੀਗ ‘ਚ ਹਿੱਸਾ ਲੈਣ ਦੀ ਆਗਿਆ ਦਿੰਦਾ ਹੈ ਜਦੋਂ ਉਹ ਕੌਮਾਂਤਰੀ ਕ੍ਰਿਕਟ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈ ਲੈਂਦੇ ਹਨ, ਜਿਸ ਵਿੱਚ ਆਈਪੀਐੱਲ ਵੀ ਸ਼ਾਮਲ ਹੈ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਚੇਨੱਈ ਸੁਪਰਕਿੰਗਜ਼ ਦੀ ਖ਼ਿਤਾਬੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਮਗਰੋਂ ਅੰਬਾਤੀ ਰਾਇਡੂ ਨੇ ਆਈਪੀਐੱਲ ਤੋਂ ਸੰਨਿਆਸ ਲੈ ਲਿਆ ਸੀ। ਹੁਣ ਉਹ ਜੁਲਾਈ ਮਹੀਨੇ ਅਮਰੀਕਾ ਵਿੱਚ ਹੋਣ ਵਾਲੀ ਪਲੇਠੀ ਮੇਜਰ ਲੀਗ ਕ੍ਰਿਕਟ (ਐੱਮਐੱਲਸੀ) ਵਿੱਚ ਟੈਕਸਾਸ ਸੁਪਰਕਿੰਗਜ਼ ਵੱਲੋਂ ਖੇਡਦਾ ਨਜ਼ਰ ਆਵੇਗਾ। ਬੀਸੀਸੀਆਈ ਆਪਣੇ ਸਰਗਰਮ ਖਿਡਾਰੀਆਂ ਨੂੰ ਟੀ-20 ਲੀਗ ਵਿੱਚ ਹਿੱਸਾ ਲੈਣ ਤੋਂ ਬਚਾਉਣਾ ਚਾਹੁੰਦਾ ਹੈ ਅਤੇ ਤਾਜ਼ਾ ਘਟਨਾਕ੍ਰਮ ਨੂੰ ਦੇਖਦਿਆਂ ਉਹ ਆਪਣੇ ਸੰਨਿਆਸ ਲੈ ਚੁੱਕੇ ਖਿਡਾਰੀਆਂ ਦੀ ਸ਼ਮੂਲੀਅਤ ‘ਤੇ ਕਲਾਜ਼ ਲਿਆ ਸਕਦਾ ਹੈ। ਘਰੇਲੂ ਕ੍ਰਿਕਟ ਦਾ ਪੱਧਰ ਹੋਰ ਜ਼ਿਆਦਾ ਕਮਜ਼ੋਰ ਹੋਣ ਤੋਂ ਰੋਕਣਾ ਯਕੀਨੀ ਬਣਾਉਣ ਲਈ ਉਹ ਅਜਿਹਾ ਕਰ ਸਕਦਾ ਹੈ ਕਿਉਂਕਿ ਟੀ-20 ਫ਼੍ਰੈਂਚਾਈਜ਼ੀ ਕ੍ਰਿਕਟ ਦੇ ਵਧਣ ਨਾਲ ਕਾਫ਼ੀ ਖਿਡਾਰੀ ਜਲਦੀ ਸੰਨਿਆਸ ਲੈ ਸਕਦੇ ਹਨ। ਮੀਟਿੰਗ ਦੇ ਏਜੰਡੇ ਅਨੁਸਾਰ ਸੰਨਿਆਸ ਲੈ ਚੁੱਕੇ ਖਿਡਾਰੀਆਂ ਦੇ ਵਿਦੇਸ਼ੀ ਲੀਗ ‘ਚ ਹਿੱਸੇਦਾਰੀ ਨੂੰ ਲੈ ਚਰਚਾ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਬੀਸੀਸੀਆਈ ਦੇ ਉੱਚ ਅਧਿਕਾਰੀ ਦੇਸ਼ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਲਈ ਸਟੇਡੀਅਮਾਂ ਨੂੰ ਅਪਗ੍ਰੇਡ ਕਰਨ ਲਈ ਖਰੜੇ ‘ਤੇ ਵੀ ਫ਼ੈਸਲਾ ਕਰਨਗੇ। ਆਈਸੀਸੀ ਦੇ ਇਸ ਟੂਰਨਾਮੈਂਟ ਦੇ ਮੁਕਾਬਲੇ 10 ਸਥਾਨਾਂ ‘ਤੇ ਖੇਡੇ ਜਾਣੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤਿਆਂ ‘ਚ ਮੁਰੰਮਤ ਦੀ ਲੋੜ ਹੈ। ਮੀਟਿੰਗ ‘ਚ ਸਈਦ ਮੁਸ਼ਤਾਕ ਅਲੀ ਟੀ-20 ਟਰਾਫੀ ਕਰਵਾਉਣ ਲਈ ਸਥਿਤੀਆਂ ਬਾਰੇ ਵੀ ਫ਼ੈਸਲਾ ਕੀਤਾ ਜਾਵੇਗਾ। -ਪੀਟੀਆਈ
ੲੇਸ਼ਿਆਈ ਖੇਡਾਂ ‘ਚ ਕ੍ਰਿਕਟ ਟੀਮਾਂ ਭੇਜਣ ਦਾ ਫ਼ੈਸਲਾ
ਨਵੀਂ ਦਿੱਲੀ: ਬੀਸੀਸੀਆਈ ਨੇ ਸਤੰਬਰ-ਅਕਤੂਬਰ ਵਿੱਚ ਹਾਂਗਜ਼ੂ ‘ਚ ਹੋਣ ਵਾਲੀਆਂ ੲੇਸ਼ਿਆਈ ਖੇਡਾਂ ਵਿੱਚ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮ ਭੇਜਣ ਦਾ ਫ਼ੈਸਲਾ ਕੀਤਾ ਹੈ। ਪੁਰਸ਼ ਟੀਮ ਦਾ ਮੁਕਾਬਲਾ ਭਾਰਤ ਦੀਆਂ ਵਿਸ਼ਵ ਕੱਪ ਤਿਆਰੀਆਂ ਦੇ ਨਾਲ ਹੀ ਹੋਵੇਗਾ ਜਿਸ ਕਰਕੇ ਇਸ ਮਹਾਦੀਪੀ ਟੂਰਨਾਮੈਂਟ ‘ਚ ਦੂਜੇ ਦਰਜੇ ਦੀ ਟੀਮ ਦੇ ਹਿੱਸਾ ਲੈਣ ਦੀ ਉਮੀਦ ਹੈ। ਭਾਰਤੀ ‘ਬੀ’ ਟੀਮ ਦੀ ਕਪਤਾਨੀ ਲਈ ਸ਼ਿਖਰ ਧਵਨ ਦੇ ਨਾਮ ‘ਤੇ ਚਰਚਾ ਹੋ ਰਹੀ ਹੈ। ਏਸ਼ਿਆਈ ਖੇਡਾਂ ਵਿੱਚ ਔਰਤਾਂ ਦੀ ਮੁੱਖ ਟੀਮ ਹਿੱਸਾ ਲਵੇਗੀ ਅਤੇ ਸੋਨ ਤਗ਼ਮੇ ਦੀ ਮੁੱਖ ਦਾਅਵੇਦਾਰ ਹੋਵੇਗੀ।