ਨਵੀਂ ਦਿੱਲੀ, 29 ਜੂਨ
ਭਾਰਤ ਦੇ ਮੁੱਖ ਚੋਣਕਾਰ ਦੀ ਦੌੜ ਵਿੱਚ ਸ਼ਾਮਲ ਅਜੀਤਕਰ ਨੇ ਅੱਜ ਆਈਪੀਐੱਲ ਟੀਮ ਦਿੱਲੀ ਕੈਪੀਟਲਜ਼ ਦੇ ਸਹਾਇਕ ਕੋਚ ਦਾ ਅਹੁਦਾ ਛੱਡ ਦਿੱਤਾ ਹੈ। ਅਗਰਕਰ ਦੇ ਦੌੜ ਵਿੱਚ ਹੋਣ ਕਾਰਨ ਬੀਸੀਸੀਆਈ ਨੂੰ ਚੋਣ ਕਮੇਟੀ ਦੇ ਮੁਖੀ ਦੀ ਸਾਲਾਨਾ ਤਨਖ਼ਾਹ ਇੱਕ ਕਰੋੜ ਰੁਪਏ ਤੋਂ ਵਧਾਉਣੀ ਪਵੇਗੀ ਜਦਕਿ ਬਾਕੀ ਮੈਂਬਰਾਂ ਦੀ ਤਨਖ਼ਾਹ 90 ਲੱਖ ਰੁਪਏ ਤੋਂ ਵੱਧ ਕਰਨੀ ਹੋਵੇਗੀ।
ਦਿੱਲੀ ਕੈਪਟੀਲਜ਼ ਦਾ ਸਹਾਇਕ ਕੋਚ ਅਤੇ ਕੁਮੈਂਟੇਟਰ ਅਜੀਤ ਅਗਰਕਰ ਮੁੱਖ ਚੋਣਕਾਰ ਦੇ ਸਾਲਾਨਾ ਪੈਕੇਜ ਤੋਂ ਵੱਧ ਕਮਾਉਂਦਾ ਹੈ ਅਤੇ ਇਹੀ ਕਾਰਨ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਮੌਜੂਦਾ ਤਨਖਾਹਾਂ ਦੀ ਸਮੀਖਿਆ ਕਰਨੀ ਪਵੇਗੀ। ਦਿੱਲੀ ਕੈਪੀਟਲਜ਼ ਟੀਮ ਛੱਡਣ ਦੀ ਖ਼ਬਰ ਮਗਰੋਂ ਹੁਣ ਇਹ ਸਾਫ਼ ਹੋ ਗਿਆ ਹੈ ਕਿ ਉਹ ਵੈਸਟ ਇੰਡੀਜ਼ ਦੇ ਅਗਾਮੀ ਦੌਰੇ ਲਈ ਟੀ-20 ਟੀਮ ਚੁਣਦੇ ਸਮੇਂ ਮੁੱਖ ਚੋਣਕਾਰ ਹੋ ਸਕਦਾ ਹੈ। ਦਿੱਲੀ ਕੈਪੀਟਲਜ਼ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਅਜੀਤ ਅਗਰਕਰ ਅਤੇ ਸ਼ੇਨ ਵਾਟਸਨ ਹੁਣ ਸਹਿਯੋਗੀ ਸਟਾਫ਼ ਦਾ ਹਿੱਸਾ ਨਹੀਂ ਹਨ। ਅਗਰਕਰ 2021 ਵਿੱਚ ਵੀ ਚੋਣਕਾਰ ਦੇ ਅਹੁਦੇ ਲਈ ਇੰਟਰਵਿਊ ਦੇ ਚੁੱਕਾ ਹੈ ਜਦੋਂ ਉੱਤਰੀ ਜ਼ੋਨ ਤੋਂ ਚੇਤਨ ਸ਼ਰਮਾ ਕਮੇਟੀ ਦੇ ਮੁਖੀ ਚੁਣੇ ਗਏ ਸਨ।
ਦੂਜੇ ਪਾਸੇ ਦਿਲੀਪ ਵੈਂਗਸਰਕਰ ਅਤੇ ਰਵੀ ਸ਼ਾਸਤਰੀ ਦੇ ਨਾਂ ਦੀਆਂ ਅਟਕਲਾਂ ਵੀ ਲਾਈਆਂ ਜਾ ਰਹੀਆਂ ਹਨ ਪਰ ਕਿਸੇ ਨੇ ਵੀ ਇਸ ਪੁਸ਼ਟੀ ਨਹੀਂ ਕੀਤੀ ਕਿ ਉਨ੍ਹਾਂ ਨੇ ਇਸ ਅਹੁਦੇ ਲਈ ਅਪਲਾਈ ਕੀਤਾ ਹੈ ਜਾਂ ਨਹੀਂ। -ਪੀਟੀਆਈ