ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਪੇਂਡੂ ਖੇਤਰ ਦੀਆਂ ਸੜਕਾਂ ਦੀ ਲੋੜ ਅਨੁਸਾਰ ਮੁਰੰਮਤ ਅਤੇ ਉਸਾਰੀ ਲਈ ‘ਆਰਟੀਫਿਸ਼ਲ ਇੰਟੈਲੀਜੈਂਸ’ (ਏਆਈ) ਤਕਨੀਕ ਦੀ ਵਰਤੋਂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਅੱਜ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ’ਚ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਪੇਂਡੂ ਖੇਤਰ ਦੀਆਂ ਸੜਕਾਂ ਦੀ ਮੁਰੰਮਤ ਲਈ ‘ਏਆਈ’ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਇਸ ਤਕਨੀਕ ਤਹਿਤ ਅਜਿਹੇ ਯੰਤਰ ਦੀ ਵਰਤੋਂ ਕੀਤੀ ਜਾਵੇਗੀ, ਜੋ ਪਿੰਡਾਂ ਦੀਆਂ ਸੜਕਾਂ ਦੀ ਵੀਡੀਓਗ੍ਰਾਫੀ ਕਰਨ ਦੇ ਨਾਲ-ਨਾਲ ਸੜਕਾਂ ਦੀ ਹਾਲਤ, ਟੋਇਆਂ ਦੀ ਡੂੰਘਾੲੀ ਅਤੇ ਖਸਤਾਹਾਲ ਸੜਕਾਂ ਦਾ ਵੇਰਵਾ ਵੀ ਰਿਕਾਰਡ ਕਰੇਗਾ, ਜਿਸ ਦੇ ਆਧਾਰ ’ਤੇ ਵਿਭਾਗ ਲਈ ਸਬੰਧਤ ਸੜਕਾਂ ਦੀ ਮੁਰੰਮਤ ’ਤੇ ਆਉਣ ਵਾਲੇ ਖਰਚ ਅਤੇ ਉਸ ਲਈ ਲੋੜੀਂਦੀ ਸਮੱਗਰੀ ਦਾ ਸਹੀ ਅੰਦਾਜ਼ਾ ਲਗਾਉਣਾ ਵੀ ਸੁਖਾਲਾ ਹੋ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤਕਨੀਕ ਰਾਹੀਂ ਸੜਕਾਂ ਦੇ ਨਿਰਮਾਣ ਵੇਲੇ ਖਰਚਾ ਵੀ ਘੱਟ ਆਵੇਗਾ ਤੇ ਇਸ ਪ੍ਰਕਿਰਿਆ ਵਿੱਚ ਕ੍ਰਾਂਤੀਕਾਰੀ ਪੱਧਰ ’ਤੇ ਤੇਜ਼ੀ ਵੀ ਲਿਆਂਦੀ ਜਾ ਸਕੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿੰਡਾਂ ਦੀਆਂ ਸੜਕਾਂ ਚੌੜੀਆਂ, ਮਜ਼ਬੂਤ ਅਤੇ ਅਪਗ੍ਰੇਡ ਕਰਕੇ ਸੰਪਰਕ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਨਵਾਂ ਰੂਪ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਪੰਜਾਬ ਮੰਡੀ ਬੋਰਡ ਨੂੰ ਕੰਮ ਦੀ ਉੱਚ ਗੁਣਵੱਤਾ ਅਤੇ ਸਬੰਧਤ ਪ੍ਰਾਜੈਕਟ ਲਈ ਅਲਾਟ ਕੀਤੇ ਇੱਕ-ਇੱਕ ਪੈਸੇ ਨੂੰ ਢੁਕਵੇਂ ਤਰੀਕੇ ਨਾਲ ਖਰਚਣਾ ਯਕੀਨੀ ਬਣਾਉਣ ਦੀ ਹਿਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਨਾਲ ਸ਼ਹਿਰਾਂ ਦੇ ਸੜਕੀ ਸੰਪਰਕ ਨੂੰ ਸੁਖਾਲਾ ਕਰਨ ਲਈ ਇਨ੍ਹਾਂ ਸੜਕਾਂ ਨੂੰ ਮਜ਼ਬੂਤ ਤੇ ਅਪਗ੍ਰੇਡ ਕਰਨ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਸੜਕਾਂ ਦੇ ਨਿਰਮਾਣ ਲਈ ਰਣਨੀਤੀ ਤਿਆਰ ਕਰਦੇ ਸਮੇਂ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਕਿ ਜਿਹੜੀਆਂ ਸੜਕਾਂ ਛੇ ਸਾਲਾਂ ਤੋਂ ਨਹੀਂ ਬਣੀਆਂ ਹਨ, ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇ।
ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਪੁਲੀਸ ਮੁਲਾਜ਼ਮਾਂ ਦੇ ਵਾਰਸਾਂ ਨੂੰ ਚੈੱਕ ਸੌਂਪੇ
ਮੁੱਖ ਮੰਤਰੀ ਭਗਵੰਤ ਮਾਨ ਨੇ ਡਿਊਟੀ ਦੌਰਾਨ ਵਾਪਰੇ ਹਾਦਸਿਆਂ ਵਿੱਚ ਜਾਨ ਗਵਾਉਣ ਵਾਲੇ ਪੁਲੀਸ ਮੁਲਾਜ਼ਮਾਂ ਦੇ ਵਾਰਸਾਂ ਨੂੰ ਅੱਜ ਕੁਲ 2 ਕਰੋੜ ਰੁਪਏ ਦੇ ਚੈੱਕ ਸੌਂਪੇ। ਇਸ ਤੋਂ ਇਲਾਵਾ ਤਿੰਨ ਮਰਹੂਮ ਪੁਲੀਸ ਮੁਲਾਜ਼ਮਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ 4-4 ਲੱਖ ਰੁਪਏ ਦੇ ਚੈੱਕ ਵੀ ਸੌਂਪੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਜਲੰਧਰ ਵਿੱਚ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਏਐੱਸਆਈ ਸੰਜੀਵ ਕੁਮਾਰ ਦੇ ਪਰਿਵਾਰ ਨੂੰ ਇੱਕ ਕਰੋੜ, ਏਐੱਸਆਈ ਪਰਨਾਮ ਸਿੰਘ ਤੇ ਏਐੱਸਆਈ ਗੁਰਲਾਲ ਸਿੰਘ ਦੇ ਵਾਰਸਾਂ ਨੂੰ 50-50 ਲੱਖ ਰੁਪਏ ਦੇ ਚੈੱਕ ਸੌਂਪੇ।